Saturday, March 30, 2013

1. ਆਰੰਭਕ ਵਿਚਾਰ


 "ਨਦੀਆਂ ਵਾਹੁ ਵਿਛੁੰਨੀਆਂ ਸੰਜੋਗੀ ਮੇਲਾ ਰਾਮ" ਦੇ ਕਥਨ ਅਨੁਸਾਰ ਕਰਮ ਗਤੀ ਕਰਕੇ ਸੰਸਾਰਕ ਜੀਵਾਂ ਦਾ ਮੇਲ ਤੇ ਵਿਛੋੜਾ ਹੁੰਦਾ ਹੈ ਇਸੇ ਤਰ੍ਹਾਂ ਨਾਲ ਗੁਰਮੁਖ ਪਿਆਰੇ, ਸੰਤਾਂ ਅਤੇ ਭਗਤਾਂ ਦਾ ਸੰਜੋਗ ਤੇ ਵਿਯੋਗ ਵੀ ਜਗਿਆਸੂ ਜੀਵਾਂ ਨਾਲ ਹੋਇਆ ਕਰਦਾ ਹੈ l ਪਰੰਤੂ ਇਸ ਵਿੱਚ ਥੋੜਾ ਫ਼ਰਕ ਹੈ, ਸੰਸਾਰੀ ਜੀਵ ਕਰਮਾਂ ਦੇ ਬੰਨੇ ਹੋਏ ਇਸ ਸੰਸਾਰ ਵਿੱਚ ਆਇਆ ਕਰਦੇ ਹਨ ਅਤੇ ਗੁਰਮੁਖ ਪਿਆਰੇ ਟੁੱਟੀਆਂ ਹੋਈਆਂ ਰੂਹਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਸਤੇ ਆਇਆ ਕਰਦੇ ਹਨ l 
ਜਨਮ ਮਰਣ ਦੁਹਹੂ ਮਹਿ ਨਾਹੀ
ਜਨ ਪਰਉਪਕਾਰੀ ਆਏ ll
ਜੀਅ ਦਾਨੁ ਦੇ ਭਗਤੀ ਲਾਇਨ ਹਰਿ ਸਿਉ ਲੈਨਿ ਮਿਲਾਏ ll ਅੰਗ - 749
ਵਾਹਿਗੁਰੂ ਦੇ ਹੁਕਮ ਅਨੁਸਾਰ ਘੁਗ ਵੱਸਦੇ ਸੰਸਾਰ ਅੰਦਰ ਅਨੰਤ ਕਾਲ ਤੋਂ ਇਕ ਪਰਵਾਹ ਚਲ ਰਿਹਾ ਹੈ ਜਿਸ ਬਾਰੇ ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਕਿ ਜਿਵੇਂ ਗੰਨੇ ਪੀੜਨ ਵਾਲੀ ਮਸ਼ੀਨ ਦੇ ਪਟੇ (Belt) ਉਤੇ ਗੰਨੇ ਆਪਣੀ ਵਾਰੀ ਅਨੁਸਾਰ ਇਸ ਨਾਸ਼ਵਾਨ ਸੰਸਾਰ ਤੋਂ ਚਲੇ ਜਾਣਾ ਹੈ ll ਉਹਨਾਂ ਦੀ ਥਾਂ ਨਵੇਂ ਲੈਂਦੇ ਆ ਰਹੇ ਹਨ, ਮਾਨੋ ਪੂਰਾ ਦੇ ਪੂਰ ਆ ਰਹੇ ਹਨ, ਪੂਰਾ ਦੇ ਪੂਰ ਜਾ ਰਹੇ ਹਨ ਕਿਓਂਕਿ ਇਹ ਕਾਲ ਦਾ ਚੱਕਰ ਹੈ l ਪਵਿੱਤਰ ਫੁਰਮਾਨ ਹੈ -
ਭੈ ਵਿਚਿ ਆਵਹਿ ਜਾਵਹਿ ਪੂਰ ॥
ਸਗਲਿਆ ਭਉ ਲਿਖਿਆ ਸਿਰਿ ਲੇਖੁ ॥
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥ ਅੰਗ - 464
 ਸਭਨਾਂ ਨੇ ਮੱਥੇ ਉਤੇ ਲਿਖੇ ਲੇਖ ਅਨੁਸਾਰ ਜੀਵਨ ਦੇ ਰੰਗ ਮੰਚ ਤੇ ਆ ਕੇ ਆਪਣਾ ਨਾਟਕ ਕਰਕੇ ਚਲੇ ਜਾਣਾ ਹੈ ਪ੍ਰੰਤੂ ਉਹ ਪਾਰਬ੍ਰਹਮ ਪ੍ਰਮੇਸ਼ਰ ਜੋ ਨਿਰਭਉ ਤੇ ਨਿਰਵੈਰ ਹੈ, ਆਪ ਹੀ ਆਪਣੀ ਖੇਡ ਨੂੰ ਦੇਖ ਰਿਹਾ ਹੈ l ਉਸਨੇ ਆਪਣੀ ਮਾਇਆ ਆਪ ਹੀ ਪਸਾਰੀ ਹੋਈ ਹੈ ਤੇ ਆਪਣੇ ਆਪ ਹੀ ਸਾਰੇ ਰੂਪ ਪਰਗਟ ਕੀਤੇ ਹੋਏ ਹਨ ਜੋ ਕਿ ਇਕ ਦੂਜੇ ਤੋਂ ਭਿੰਨ-ਭਿੰਨ ਹਨ, ਕੋਈ ਵੀ ਆਕਾਰ ਦੂਜੇ ਨਾਲ ਨਹੀਂ ਮਿਲਦਾ l ਸਾਇੰਸਦਾਨਾਂ ਨੇ ਵੀ ਇਹ ਸਿੱਧ ਕੀਤਾ ਹੈ ਕਿ ਸ੍ਰਿਸ਼ਟੀ ਦਾ ਕੋਈ ਵੀ ਆਕਾਰ ਦੂਸਰੇ ਨਾਲ ਨਹੀਂ ਮਿਲਦਾ ਭਾਵੇਂ ਦਰਖਤ ਦੇ ਪਤੇ ਲੈ ਲਵੋ, ਫ਼ਲ ਲੈ ਲਵੋ, ਘਾਹ ਹੋਵੇ ਜਾਂ ਹੋਰ ਬਨਸਪਤੀ, ਪਰੰਤੂ ਸਭ ਦਾ ਆਕਾਰ ਭਿੰਨ-ਭਿੰਨ ਹੋਵੇਗਾ l ਉਹ ਪ੍ਰਭੁ ਸਭ ਦੇ ਵਿੱਚ ਹੁੰਦਿਆਂ ਹੋਇਆਂ ਵੀ ਸਭ ਤੋਂ ਨਿਆਰਾ ਹੈ l ਇਹੀ ਉਸ ਦੀ ਵਡਿਆਈ ਹੈ l
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ਅੰਗ - 537
 ਉਸ ਦੀ ਮਾਇਆ ਵਿਚ ਓਤ ਪੋਤ ਹੋਇਆ ਇਹ ਜੀਵ ਮੋਹ ਦੇ ਜਾਲ ਵਿੱਚ ਫਸ ਕੇ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਦੇ ਸੰਜੋਗ ਵਿਜੋਗ ਵਿਚ ਬੱਝਾ ਹੋਇਆ ਕਦੀ ਕਦੀ ਤਾਂ ਬਹੁਤ ਖੁਸ਼ ਹੁੰਦਾ ਹੈ ਅਤੇ ਕਦੀ-ਕਦੀ ਧਾਹਾਂ ਮਾਰ ਮਾਰ ਕੇ ਰੋਂਦਾ ਹੈ, ਵਿਰਲਾਪ ਕਰਦਾ ਹੈ ਕਿਓਂਕਿ ਉਸਦੀ ਜਾਣਕਾਰੀ ਕੇਵਲ ਆਪਣੇ ਦਾਇਰੇ ਅੰਦਰ ਹੀ ਸੀਮਤ ਹੁੰਦੀ ਹੈ l ਇਸ ਜੀਵ ਨੂੰ ਮਾਇਆ ਦੇ ਜਾਲ ਵਿਚੋਂ ਕੱਢਣ ਲਈ ਪ੍ਰਭੂ ਕਦੀ ਕਦੀ ਕੋਈ ਬਖਸ਼ੀ ਹੋਈ ਰੂਹ ਸੰਸਾਰ ਤੇ ਭੇਜਦਾ ਰਹਿੰਦਾ ਹੈ, ਇਹ ਪ੍ਰਭੂ ਦੀ ਦਿਆਲਤਾ ਹੈ ਤੇ ਪ੍ਰਭੂ ਦਾ ਆਪਣਾ ਇੰਤਜ਼ਾਮ ਹੈ ਤੇ ਜੀਵ ਦੇ ਸੁਭ ਕਰਮਾਂ ਦਾ ਫ਼ਲ ਹੁੰਦਾ ਹੈ ਕਿ ਐਸੀ ਬਖਸ਼ੀ ਹੋਈ ਰੂਹ ਨਾਲ ਉਸ ਦਾ ਸੰਪਰਕ ਕਾਇਮ ਹੋ ਜਾਂਦਾ ਹੈ, ਪਵਿੱਤਰ ਫੁਰਮਾਨ ਹੈ -
ਪੂਰਬ ਕਰਮ ਅੰਕੁਰ ਜਬ ਪ੍ਰਗਟੇ; ਭੇਟਿਓ ਪੁਰਖੁ ਰਸਿਕ ਬੈਰਾਗੀ ॥ ਮਿਟਿਓ ਅੰਧੇਰੁ, ਮਿਲਤ ਹਰਿ ਨਾਨਕ; ਜਨਮ ਜਨਮ ਕੀ ਸੋਈ ਜਾਗੀ ॥ ਅੰਗ - 204
 ਐਸੀ ਬਖਸ਼ੀ ਹੋਈ ਰੂਹ, ਐਸਾ ਗੁਰਮੁਖ ਪਿਆਰਾ ਉਸ ਮਨੁਖ ਦੇ ਜੀਵਨ ਵਿੱਚ ਆਪਣੀ ਸੰਗਤ ਬਖਸ ਕੇ ਅਹਿਸਾਸ ਦਿਵਾਉਂਦਾ ਹੈ ਕਿ ਤੇਰੇ ਜੀਵਨ ਦਾ ਕੀ ਮਨੋਰਥ ਹੈ l ਸਹਿਜੇ ਸਹਿਜੇ     ਆਪਣੇ ਪ੍ਰੇਮ ਭਰੇ ਬਚਨਾਂ ਦੁਆਰਾ ਉਸ ਦਾ ਪ੍ਰਵੇਸ਼ ਅਧਿਆਤਮਿਕ ਵਿਚ ਕਰਵਾ ਦਹਿਨਾ ਹੈ ਤਾ ਕਿ ਉਸ ਨੂੰ ਗਿਆਨ ਹੋ ਜਾਵੇ ਕਿ ਉਹ ਕੌਣ ਹੈ l ਜੇ ਕੋਈ ਇੰਝ ਕਹਿਣ ਦਾ ਦਾਅਵਾ ਕਰੇ ਕਿ ਉਹ ਆਪਣੇ ਆਪ ਹੀ ਐਸੀ ਸੂਝ ਪ੍ਰਾਪਤ ਕਰ ਲਵੇਗਾ, ਇਹ ਨਾ-ਮੁਮਕਿਨ ਹੈ ਕਿਓਂਕਿ ਗੁਰਮੁਖ ਧੁਰ ਦਰਗਾਹ ਤੋਂ ਬਖਸਿਆਂ ਹੁੰਦਾ ਹੈ l ਆਪਣੇ ਆਪ ਹੀ ਕੋਈ 'ਗੁਰਮੁਖਿ' ਨਹੀਂ ਅਖਵਾ ਸਕਦਾ l
 ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ll ਅੰਗ - 920
 ਵਾਹਿਗੁਰੂ ਜਿਸ ਤੇ ਦਿਆਲ ਹੁੰਦਾ ਹੈ, ਜਿਸ ਤੇ ਬਖਸਿਸ਼ ਕਰਦਾ ਹੈ, ਉਸ ਨੂੰ ਹੀ ਆਪਣੀ ਸੋਝੀ ਬਖਸਦਾ ਹੈ, ਆਪਣੇ ਆਪ ਕੋਈ ਜਿਨ੍ਹਾ ਮਰਜ਼ੀ ਜ਼ੋਰ ਲਾ ਲਵੇ, ਇਹ ਪਦਵੀ ਨਹੀਂ ਮਿਲ ਸਕਿਆ ਕਰਦੀ, ਜ਼ੋਰ ਨਾਲ ਸੁਰਤੀ ਇਕ ਵਾਰ ਵਿਚ ਲੀਨ ਨਹੀਂ ਹੋ ਸਕਦੀ ਤੇ ਨਾ ਹੀ ਬ੍ਰਹਿਮੰਡੀ ਤੇ ਪਿੰਡੀ ਦੇ ਭੇਦ ਦਾ ਗਿਆਨ ਹੋਇਆ ਕਰਦਾ ਹੈ l ਇਸੇ ਕਰਕੇ ਉਸ ਦੀ ਇਕ ਵਿਚ ਅਭੇਦਤਾ ਨਹੀਂ ਹੋ ਸਕਦੀ, ਨਾ ਹੀ ਲਿਵ ਜੁੜ ਸਕਦੀ ਹੈ l ਫੁਰਮਾਨ ਹੈ  -
 ਜੋਰ ਨਾ ਸੁਰਤੀ ਗਿਆਨਿ ਵੀਚਾਰਿ ll   ਅੰਗ - 4
  ਬਖ੍ਸੀਆਂ ਹੋਈਆਂ ਰੂਹਾਂ ਸੰਸਾਰ ਦੇ ਰੰਗ ਮੰਚ ਤੋਂ ਜਦੋਂ ਅਲੋਪ ਹੁੰਦੀਆਂ ਹਨ ਤਾਂ ਇਹ ਖਬਰ ਰੋਸ਼ਨੀ ਦੀ ਰਫਤਾਰ ਵਾਂਗੂੰ ਸਾਰੇ ਸੰਸਾਰ ਵਿਚ ਫੈਲ ਜਾਂਦੀ ਹੈ l ਕੋਈ ਵੀ ਇਨਸਾਨ ਐਸਾ ਨਹੀਂ ਹੁੰਦਾ ਜਿਹੜਾ ਉਸ ਦਾ ਵਿਛੋੜਾ ਹੋਣ ਤੇ ਠੰਡੀ ਆਹ ਨਾ ਭਰੇ ਕਿਓਂਕਿ ਮਹਾਪੁਰਸ਼ਾਂ ਨੇ ਆਪਣੇ ਪਿਆਰ ਨਾਲ ਸਾਰੀ ਦੁਨੀਆਂ ਨੂੰ ਕਲਾਵੇ ਵਿੱਚ ਲਿਆਂ ਹੁੰਦਾ ਹੈ l ਉਨ੍ਹਾਂ ਵਾਸਤੇ ਕੋਈ ਆਪਣਾ ਤੇ ਬੇਗਾਨਾ ਨਹੀਂ ਹੁੰਦਾ ਸਾਰੀਆਂ ਵਿਚ ਪ੍ਰਭੁ ਦੀ ਜਾਗਤ ਜੋਤ ਨੂੰ ਪਰੀਪੂਰਨ ਦੇਖਣ ਦੀ ਉਹਨਾਂ ਅੰਦਰ ਦ੍ਰਿਸ਼ਟੀ ਹੁੰਦੀ ਹੈ l ਬਾਬਾ ਜੀ ਸਾਰਿਆਂ ਨੂੰ ਪਿਆਰ ਹੀ ਵੰਡਦੇ ਰਹੇ, ਜਿਥੇ ਵੀ ਜਿਸ ਹਾਲਤ ਵਿਚ ਉਹਨਾਂ ਨੂੰ ਕੋਈ ਮਿਲਿਆ, ਪਹਿਲੀ ਨਜ਼ਰੇ ਹੀ ਉਹਨਾਂ ਦਾ ਹੋ ਕੇ ਰਹਿ ਗਿਆ, ਭਾਵੇਂ ਉਹ ਕਿਸੇ ਮਜਹਬ ਜਾਂ ਕਿਸੇ ਵੀ ਸੰਪਰਦਾਇ ਨਾਲ ਸੰਬੰਧ ਰਖਦਾ ਸੀ l ਉਹਨ੍ਹਾਂ ਦੇ ਮਨ ਵਿਚ ਇਹੀ ਰਹਿੰਦਾ ਸੀ ਕਿ ਜਿਹੜਾ ਵੀ ਸੰਸਾਰ ਤੇ ਆਇਆ ਹੈ, ਉਸ ਦਾ ਉਧਾਰ ਹੋ ਜਾਵੇ, ਉਹ ਸੁਖੀ ਹੋ ਜਾਵੇ, ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਕੇ ਪਰਮਸ਼ਾਂਤੀ ਪ੍ਰਾਪਤ ਕਰ ਲਵੋ l
   ਸੋ ਐਸੇ ਪਰਉਪਕਾਰੀ ਮਹਾਂਪੁਰਸ਼ ਜਦੋਂ ਸੰਸਾਰ ਤੋਂ ਓਝਲ (ਸਰੀਰ ਕਰਕੇ ਅਲੋਪ) ਹੋ ਜਾਣ ਤਾਂ ਅਚਨਚੇਤ ਹੀ ਬਹੁਤ ਵੱਡਾ ਧੱਕਾ ਲਗਦਾ ਹੈ ਕਿਓਂਕਿ ਜਦੋਂ ਧੇਅ ਅੱਖਾਂ ਤੋਂ ਉਹਲੇ ਹੋ ਜਾਵੇ ਤਾਂ ਬਹੁਤ ਉਥਲ-ਪੁਥਲ ਹੋ ਜਾਇਆ ਕਰਦੀ ਹੈ, ਜੀਵਨ ਦੇ ਸੰਤੁਲਨ ਵਿਗੜਨ ਦਾ ਡਰ ਹੋ ਜਾਂਦਾ ਹੈ, ਜ਼ਿੰਦਗੀ ਨੂੰ ਡਾਰਸ ਬਣਾਉਣੀ ਔਖੀ ਹੋ ਜਾਂਦੀ ਹੈ l ਮਹਾਪੁਰਸ਼ਾਂ ਦਾ ਧਰਮੀ ਜੀਵਨ ਹੋਣ ਕਰਕੇ ਸੰਸਾਰ ਵੀ ਖੜਾ ਹੈ l ਉਹਨਾਂ ਦੇ ਪਰਮ ਸ਼ਾਂਤੀ ਦੇਣ ਵਾਲੇ ਪ੍ਰਬਚਨਾਂ ਤੇ ਕੀਰਤਨਾਂ 'ਚੋ ਨਿਕਲੇ ਰੂਹਾਨੀ ਪ੍ਰਮਾਣੁ, ਸੰਸਾਰ ਵਿਚੋ ਵੈਰ ਵਿਰੋਧ ਤੇ ਨਫਰਤ ਫੈਲਾਉਣ ਵਾਲੇ ਦੂਸ਼ਤ ਪ੍ਰਮਾਣੁਆਂ ਨੂੰ ਹਮੇਸ਼ਾ ਕੱਟਦੇ ਰਹਿੰਦੇ ਹਨ ਜਿਸ ਨਾਲ ਆਪਸੀ ਭਾਈਚਾਰੇ ਤੇ ਪਿਆਰ ਦਾ ਵਾਤਾਵਰਣ ਬਣਿਆਂ ਰਹਿੰਦਾ ਹੈ 
 ਇਹੀ ਕਾਰਨ ਹੈ ਕਿ ਸੰਸਾਰ ਨੂੰ ਹਮੇਸ਼ਾ ਹੀ ਐਸੇ ਮਹਾਪੁਰਸ਼ਾਂ ਦੀ ਰਹਿਨੁਮਾਈ ਦੀ ਲੋੜ ਬਣੀ ਰਹਿੰਦੀ ਹੈ l ਇਸੇ ਕਰਕੇ ਉਹਨਾਂ ਦੇ ਨਿਧਨ ਤੇ ਸੰਸਾਰ ਵਿਚ ਉਦਾਸੀ ਛਾ ਜਾਂਦੀ ਹੈ ਤੇ ਅਚਾਨਕ ਅਸਥਿਰਤਾ ਵਪਾਰ ਜਾਂਦੀ ਹੈ l ਪਰ ਵਾਹਿਗੁਰੂ ਦਾ ਇੰਤਜ਼ਾਮ ਬਹੁਤ ਮਜਬੂਤ ਹੈ, ਇਹ ਪ੍ਰਵਚਨ ਉਹ ਆਪ ਹੀ ਕਰਿਆ ਕਰਦੇ ਸਨ ਕਿ ਮੈ ਸਰੀਰ ਕਰਕੇ ਤੁਹਾਡੇ ਤੋਂ ਪਰੇ ਹੋਵਾਗਾਂ ਪਰ ਆਤਮਿਕ ਤੌਰ ਤੇ ਹਮੇਸ਼ਾਂ ਤੁਹਾਡੇ ਅੰਗ ਸੰਗ ਰਹਾਂਗਾ l ਮਹਾਪੁਰਸ਼ਾਂ ਦੇ ਬਚਨ ਹਨ ਕਿ ਸਾਨੂੰ ਦਸਮ ਪਾਤਸ਼ਾਹ ਜੀ ਨੇ ਸਮਰਥ ਗੁਰੂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਹੈ l ਇਸ ਕਰਕੇ ਗੁਰ ਸਿਖ ਸੰਗਤਾਂ ਕਦੇ ਨਿਆਸਰੀਆ ਨਹੀਂ ਹੁੰਦੀਆਂ l ਜਦੋਂ ਗੁਰਬਾਣੀ ਦਾ ਲੜ ਫੜਿਆ ਹੋਵੇਗਾ ਤਾਂ ਗੁਰੂ ਹਮੇਸ਼ਾ ਅੰਗ ਸੰਗ ਪ੍ਰਤੀਤ ਹੋਵੇਗਾ l
 ਮਹਾਪੁਰਖਾਂ ਦਾ ਸੰਸਾਰ ਤੋਂ ਜਾਣਾ ਵੀ ਨਿਰਾਲਾ ਹੁੰਦਾ ਹੈ l ਉਹ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗ ਕੇ ਖੁਸ਼ ਹੁੰਦੇ ਹਨ ਪ੍ਰੰਤੂ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੈ ਕਿ ਐਸੇ ਪਿਆਰੇ ਮਹਾਪੁਰਸ਼ ਕਿਥੇ ਚਲੇ ਗਏ, ਉਨ੍ਹਾਂ ਦੇ ਪਰਉਪਕਾਰਾਂ, ਉਹਨਾਂ ਦੇ ਪਿਆਰ ਤੇ ਅੱਪਣਤ ਨੂੰ, ਉਹਨਾਂ ਦੇ ਢਾਰਸ ਦੇਣ ਵਾਲੇ ਬਚਨਾਂ ਨੂੰ, ਅਤੇ ਉਹਨਾਂ ਦੀ ਮਹਾਨ ਉਚੀ ਸਖਸੀਅਤ ਤੇ ਰੂਹਾਨੀ ਰਹਿਨੁਮਾਈ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਨਾ ਹੀ ਉਹਨਾਂ ਦੀਆਂ ਗੱਲਾਂ ਕਰਦੇ ਥਕਦੇ ਹਨ l ਉਹਨਾਂ ਤੇ ਇਹ ਫੁਰਮਾਨ ਬਿਲਕੁਲ ਢੁਕਦਾ ਹੈ - 
 ਕਬੀਰ ਜਾ ਤੂੰ ਜਨਮਿਆ ਜਗਤ ਮੈ ਜੱਗ ਹੱਸੇ ਤੂੰ ਰੋਇ lਐਸੀ ਕਰਣੀ ਕਰ ਚਲੋ ਪਿਆਰੇ ਤੂੰ ਹਸੇ ਜਗ ਰੋਇ ll
 ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਪਿਆਰ ਕਰਨ ਵਾਲੀਆਂ ਦੇ ਨੇਤਰਾਂ ਵਿਚੋਂ ਹੰਝੂਆਂ ਦੀ ਝੜੀ ਆਪ ਮੁਹਾਰੇ ਲਗ ਜਾਂਦੀ ਹੈ, ਪਿਆਰ ਨਾਲ ਹਿਰਦਾ ਉਛਲਦਾ ਹੈ ਤੇ ਕਲੇਜਾ ਮੂੰਹ ਨੂੰ ਪੈਂਦਾ ਹੈ ਕਿ ਉਸ ਮਨਮੋਹਣੀ ਸੂਰਤ ਅਤੇ ਪਿਆਰ ਤੇ ਮੁਜਸਮੇ ਨੂੰ ਕਿਥੋਂ ਲਭੀਏ, ਹੁਣ ਉਹਨਾਂ ਦਾ ਮੇਲ ਕਦੋਂ ਹੋਵੇਗਾ ? ਇਹ ਵੈਰਾਗਮਈ ਦਸ਼ਾ ਉਹਨਾਂ ਪਿਆਰ ਕਰਨ ਵਾਲਿਆਂ ਦੀ ਹੈ - 
ਹਉ ਰਹਿ ਨਾ ਸਕਾ ਬਿਨੁ ਦੇਖੇ ਪ੍ਰੀਤਮਾ ਮੈਂ ਨੀਰੁ ਵਹੇ ਵਹਿ ਚਲੈ ਜੀਉ ll ਅੰਗ - 94
 ਜਦੋਂ ਉਹ ਸੰਸਾਰ ਤੋਂ ਅਲੋਪ ਹੁੰਦੇ ਹਨ ਤਾਂ ਉਹਨਾਂ ਦੀ ਯਾਦ, ਵੈਰਾਗੀ ਜਗਿਆਸੂਆਂ ਨੂੰ ਇਕ ਨਵੀਂ ਜਾਗਰਤ ਸੂਝ ਪਰਦਾਨ ਕਰਦੀ ਹੈ ਜੋ ਹਰ ਵੇਲੇ ਉਸ ਵਿਚ ਲੀਨ ਹੋਣ ਲਈ ਤੇ ਉਸ ਦੇ ਦੱਸੇ ਹੋਏ ਰੂਹਾਨੀ ਮਾਰਗ ਤੇ ਚਲਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ l ਜੋ ਸੰਤ ਮਹਾਤਮਾ ਜਾਗੀਆਂ ਰੂਹਾਂ ਹੁੰਦੀਆਂ ਹਨ, ਇਹਨਾਂ ਨੂੰ ਪਿਆਰ ਕੀਤਾ ਕਦੀ ਵੀ ਬਿਰਥਾ ਨਹੀਂ ਜਾਇਆ ਕਰਦਾ, ਇਹ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿਚ ਜਗਿਆਸੂ ਦਾ ਮਾਰਗ ਦਰਸ਼ਨ ਕਰਦੀਆਂ ਰਹਿੰਦੀਆਂ ਹਨ ਜਿਸ ਨਾਲ ਜਗਿਆਸੂ ਦਾ ਆਤਮ ਕਲਿਆਣ ਹੋ ਜਾਵੇ ਤੇ ਇਹ ਆਪਣੀ ਮੰਜਲ ਤੱਕ ਪਹੁੰਚ ਜਾਵੇ l ਸੰਸਾਰ ਤਾਂ ਜਿਉਦੀਆਂ ਦਾ ਸਾਥ ਛਡ ਦਿੰਦਾ ਹੈ ਪਰੰਤੂ ਉਹ ਮੋਇਆਂ ਦਾ ਵੀ ਸਾਥ ਨਿਭਾਇਆ ਕਰਦੇ ਹਨ ਅਤੇ ਦਰਗਾਹ ਵਿਚ ਜਾਗੀਆਸ਼ੁ ਦੀ ਬਾਂਹ ਪਕੜ ਕੇ ਪਾਰ ਲੰਘਾ ਦਿਆ ਕਰਦੇ ਹਨ l ਇਸੇ ਲਈ ਫੁਰਮਾਨ ਹੈ -
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥ ਅੰਗ - 1102
 ਜਿਸ ਤਰ੍ਹਾਂ ਉੱਪਰ ਬੇਨਤੀ ਕੀਤੀ ਹੈ ਕੀ ਜਾਣ ਵਾਲੇ ਪੂਰਾਂ ਦੇ ਪੂਰਾਂ ਵਿਚੋਂ ਕੋਈ ਵਿਰਲਾ ਹੀ ਅਜਿਹਾ ਹੁੰਦਾ ਹੈ ਜੋ ਨਾ ਕੇਵਲ ਆਪਣਾ ਹੀ ਜਨਮ ਸਵਾਰ ਕੇ ਜਾਂਦਾ ਹੈ, ਸਗੋਂ ਆਪਣੀਆਂ 21 ਕੁਲਾਂ ਦਾ ਉਧਾਰ ਕਰਕੇ ਜਾਂਦਾ ਹੈ l ਉਹ ਸੰਸਾਰ ਦੇ ਜਾਗਿਆਸੁਆਂ ਨੂੰ ਵੀ ਤਾਰਦਾ ਹੈ ਅਤੇ ਦਰਗਾਹ ਵਿਚ ਉਸ ਨੂੰ ਧੰਨ ਧੰਨ ਕਿਹਾ ਜਾਂਦਾ ਹੈ - 
ਧੰਨਿ ਧੰਨਿ ਕਹੈ ਸਭੁ ਕੋਇ lਮੁਖ ਊਜਲ ਹਰਿ ਦਰਗਹ ਸੋਇ ll  ਅੰਗ - 283
ਅਜਿਹੇ ਮਹਾਪੁਰਸ਼ ਕਦੀ ਕਦੀ ਸੰਸਾਰ ਦੇ ਰੰਗ ਮੰਚ ਉਥੇ ਆਉਂਦੇ ਹਨ ਜਿਹਨਾਂ ਦੇ ਆਉਣ ਨਾਲ ਸੰਸਾਰ ਦੀ ਰੂਹਾਨੀ ਰਹਿਨੁਮਾਈ ਕਰਨ ਵਾਲੀ ਪ੍ਰਕਾਸ਼ ਦੀ ਨਵੀਂ ਕਿਰਨ ਦ੍ਰਿਸ਼ਟਮਾਨ ਹੋਣੀ ਸ਼ੁਰੂ ਹੋ ਜਾਂਦੀ ਹੈ l ਉਹਨਾਂ ਦੇ ਆਉਣ ਦੀਆਂ ਇਲਾਮਤਾਂ ਤੇ ਘਟਨਾਵਾਂ ਤੋਂ ਇਹ ਪ੍ਰਤਖ ਭਾਸ਼ਨ ਲਗਾ ਪੈਂਦਾ ਹੈ ਕਿ ਇਹ ਪਵਿੱਤਰ ਆਤਮਾ ਸੰਸਾਰ ਦੇ ਭੂਲੇ ਭਟਕੇ ਜੀਵਾਂ ਨੂੰ ਨਵੇਂ ਨਰੋਏ ਆਤਮਿਕ ਜੀਵਨ ਜੀਉਣ ਦੀ ਸੁਚਜੀ ਜਾਚ ਸਿਖਾਏਗੀ l  ਸਿਆਣਿਆਂ ਨੇ ਸਚ ਕਿਹਾ ਹੈ - 
 ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ ll
 ਹੋਣਹਾਰ ਤੇ ਕਰਨੀ ਕਮਾਈ ਵਾਲੀ ਰੂਹ ਆਪਣੇ ਬਚਪਨ ਵਿਚ ਹੀ ਅਨਹੋਣੇ ਤੇ ਨਿਰਾਲੇ ਕੌਤਕ ਕਰ ਦਿਆ ਕਰਦੀ ਹੈ ਜਿਸ ਤੋਂ ਪਰਤਖ ਭਾਸ਼ਣ ਲੱਗ ਪੈਂਦਾ ਹੈ ਕਿ ਇਹ ਸਚਮੁਖ ਬਖਸ਼ੀ ਹੋਈ ਰੂਹ ਹੈ l ਇਹ ਸਭ ਕੁਝ ਇਹਨਾਂ ਦੇ ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਵਾਪਰ ਰਿਹਾ ਹੁੰਦਾ ਹੈ 
 ਮਹਾਪੁਰਸ਼ਾਂ ਦੇ ਤਿੰਨ ਜਨਮ ਪਹਿਲਾਂ ਦੀ ਕਥਾ ਇਹਨਾਂ ਦੇ ਵੱਡੇ ਭੈਣ ਸਵਰਗਵਾਸੀ ਬੀਬੀ ਜਸਵੰਤ ਕੌਰ ਜੀ ਨੇ ਦਾਸ ਨੂੰ ਸੁਣਾਈ ਸੀ ਜੋ ਕਿ ਸਤਿਕਾਰਯੋਗ ਮਾਤਾ ਇੰਦ ਕੌਰ ਦੇ ਮੁਖ ਤੋਂ ਉਹਨਾਂ ਨੇ ਸੁਣੀ ਹੋਈ ਸੀ l ਇਹਨਾਂ ਤਿੰਨਾਂ ਜਨਮਾਂ ਤੋਂ ਪਹਿਲਾਂ ਇਹਨਾਂ ਦਾ ਸਰੀਰ ਇਕ ਵਿਰਕਤ ਸਾਧੂ ਦਾ ਸੀ ਜਿਸ ਬਾਰੇ ਇਹਨਾਂ ਨੂੰ ਸੰਤ ਮਹਾਰਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਨੇ ਦਸਿਆ ਸੀ l